Padnav in Punjabi | ਪੰਜਾਬੀ ਵਿੱਚ ਪੜਨਾਂਵ | Types of Padnav in Punjabi

Providing Parnav | Padnav in Punjabi Language with examples | Types of Padnav in Punjabi for children and students (CBSE & PSEB)

Padnav in Punjabi | ਪੰਜਾਬੀ ਵਿੱਚ ਪੜਨਾਂਵ

 

ਇੱਕ ਲੂੰਬੜੀ ਬੜੀ ਭੁੱਖੀ ਸੀ। ਲੂੰਬੜੀ ਭੋਜਨ ਦੀ ਭਾਲ ਵਿੱਚ ਬੜੀ ਇਧਰ-ਉਧਰ ਘੁੰਮਦੀ ਰਹੀ ਪਰ ਲੂੰਬੜੀ ਨੂੰ ਖਾਣ ਲਈ ਕੁਝ ਨਾ ਲੱਭਾ। ਰਾਤ ਉਤਰ ਆਈ। ਲੂੰਬੜੀ ਰਸਤਾ ਭੁੱਲ ਗਈ। ਲੂੰਬੜੀ ਇਕ ਖੂਹ ਵੱਲ ਜਾ ਨਿਕਲੀ। ਲੂੰਬੜੀ ਉਸ ਵਿੱਚ ਡਿੱਗ ਪਈ।

ਉੱਪਰ-ਦਿੱਤੇ ਪੈਰ੍ਹੇ ਨੂੰ ਪੜ੍ਹੋ। ਇਸ ਦੇ ਹਰ ਵਾਕ ਵਿੱਚ ਲੂੰਬੜੀ ਸ਼ਬਦ ਵਾਰ-ਵਾਰ ਆਉਂਦਾ ਹੈ ਜੋ ਪੜ੍ਹਦੇ ਸਮੇਂ ਸੁਭਾਵਕ ਨਹੀਂ ਜਾਪਦਾ ਸਗੋਂ ਬੋਝਲ ਜਿਹਾ ਪ੍ਰਤੀਤ ਹੋਣ ਲੱਗਦਾ ਹੈ। ਇਸ ਪੈਰ੍ਹੇ ਨੂੰ ਇਸ ਪ੍ਰਕਾਰ ਵੀ ਲਿਖਿਆ ਜਾ ਸਕਦਾ ਹੈ :

ਇਕ ਲੂੰਬੜੀ ਬੜੀ ਭੁੱਖੀ ਸੀ। ਉਹ ਭੋਜਨ ਦੀ ਭਾਲ ਵਿੱਚ ਬੜੀ ਇਧਰ-ਉਧਰ ਘੁੰਮਦੀ ਰਹੀ ਪਰ ਉਸ ਨੂੰ ਖਾਣ ਲਈ ਕੁਝ ਨਾ ਲੱਭਾ।ਰਾਤ ਉਤਰ ਆਈ। ਉਹ ਆਪਣਾ ਰਸਤਾ ਭੁੱਲ ਗਈ। ਉਹ ਇਕ ਖੂਹ ਵਲ ਜਾ ਨਿਕਲੀ। ਉਹ ਉਸ ਵਿੱਚ ਡਿੱਗ ਪਈ।

ਹੁਣ ਇਸ ਪੈਰ੍ਹੇ ਨੂੰ ਫੇਰ ਪੜ੍ਹੋ। ਇਹ ਬੜਾ ਸੁਭਾਵਕ ਤੇ ਹਲਕਾ-ਫੁਲਕਾ ਪ੍ਰਤੀਤ ਹੁੰਦਾ ਹੈ ਪਰ ਦੋਹਾਂ ਪੈਰਿਆਂ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਆਇਆ। ਇਹ ਤਬਦੀਲੀ ਕਿਸ ਤਰ੍ਹਾਂ ਵਾਪਰੀ ? ਦੂਸਰੇ ਪੈਰ੍ਹੇ ਵਿੱਚ ਪਹਿਲੇ ਵਾਕ ਨੂੰ ਛੱਡ ਕੇ ਲੂੰਬੜੀ ਸ਼ਬਦ ਦੀ ਥਾਂ ਉਹ, ਉਸ ਨੂੰ, ਆਪਣਾ ਆਦਿ ਸ਼ਬਦ ਵਰਤੇ ਜਾਣ ਨਾਲ ਇਹ ਤਬਦੀਲੀ ਆਈ।

‘ਲੂੰਬੜੀ’ ਸ਼ਬਦ ਵਿਆਕਰਨ ਵਿੱਚ ਨਾਂਵ ਹੈ ਅਤੇ ਉਸ ਦੀ ਥਾਂ ਤੇ ਵਰਤੇ ਗਏ ਸ਼ਬਦ “ ਉਹ, ਉਸਨੂੰ, ਆਪਣਾ, ਵਿਆਕਰਨ ਵਿੱਚ ਪੜਨਾਂਵ ਕਹਾਉਂਦੇ ਹਨ।

What is a pronoun ( Parnav | Padnav) in Punjabi, and what are its types? ਸੋ ਪੜਨਾਂਵ ਦੀ ਪਰਿਭਾਸ਼ਾ ਅਸੀਂ ਇਸ ਪ੍ਰਕਾਰ ਦੇ ਸਕਦੇ ਹਾਂ :

ਪੜਨਾਂਵ ਦੀ ਪਰਿਭਾਸ਼ਾ | Parnav | Padnav di Paribhasha in Punjabi– ਉਹ ਸ਼ਬਦ ਜਿਹੜਾ ਨਾਂਵ ਦੀ ਥਾਂ ਤੇ ਵਰਤਿਆ ਜਾਏ ਅਤੇ ਉਸ ਦੇ ਵਰਤਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਾ ਪਏ, ਪੜਨਾਂਵ ਕਹਾਉਂਦਾ ਹੈ।

 

Padnav ke bhed in punjabi | Types of Padnav in Punjabi

ਪੜਨਾਂਵ ਦੇ ਭੇਦ ਪੜਨਾਂਵ ਛੇ ਪ੍ਰਕਾਰ ਦੇ ਹਨ :
1. ਪੁਰਖ-ਵਾਚਕ ਪੜਨਾਂਵ | Purakh Vachak Padnav
2. ਨਿੱਜ-ਵਾਚਕ ਪੜਨਾਂਵ | Nij Vachak Padnav
3. ਨਿਸ਼ਚੇ-ਵਾਚਕ ਪੜਨਾਂਵ | Nishche Vachak Padnav
4. ਅਨਿਸ਼ਚੇ-ਵਾਚਕ | Anishche Vachak Padnav
5. ਸੰਬੰਧ-ਵਾਚਕ ਪੜਨਾਂਵ | Sambandh Vachak Padnav
6. ਪ੍ਰਸ਼ਨ-ਵਾਚਕ ਪੜਨਾਂਵ | Prashan Vachak Padnav

Examples of Padnav in Punjabi

1. ਪੁਰਖ-ਵਾਚਕ ਪੜਨਾਂਵ– ਜਿਹੜੇ ਸ਼ਬਦ ਗੱਲ-ਬਾਤ ਵਿੱਚ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਲਈ ਨਾਂ ਦੀ ਥਾਂ ਤੇ ਵਰਤਦੇ ਹਾਂ, ਉਨ੍ਹਾਂ ਨੂੰ ਪੁਰਖ-ਵਾਚਕ ਪੜਨਾਂਵ ਕਿਹਾ ਜਾਂਦਾ ਹੈ ।

ਜਿਵੇਂ : ‘ਮੈਂ, ਤੁਸੀਂ, ਉਹ’ ਆਦਿ।

ਗੱਲ-ਬਾਤ ਦੇ ਆਧਾਰ ਤੇ ਪੁਰਖ ਤਿੰਨ ਹਨ :
(ੳ) ਉੱਤਮ ਪੁਰਖ
(ਅ) ਮੱਧਮ ਪੁਰਖ
(ੲ) ਅਨਯ ਪੁਰਖ

(ੳ) ਉੱਤਮ ਪੁਰਖ : ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ । ਜਿਵੇਂ ਮੈਂ, ਮੇਰਾ, ਅਸੀਂ, ਸਾਨੂੰ, ਸਾਡਾ ਆਦਿ।

(ਅ) ਮੱਧਮ ਪੁਰਖ : ਜਿਸ ਨਾਲ ਗੱਲ ਕੀਤੀ ਜਾਏ, ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ।ਜਿਵੇਂ : ਤੂੰ, ਤੁਸੀਂ, ਤੇਰਾ, ਤੁਹਾਡਾ, ਤੁਹਾਨੂੰ ਆਦਿ।

(ੲ) ਅਨਯ ਪੁਰਖ : ਜਿਸ ਵਿਅਕਤੀ ਬਾਰੇ ਗੱਲ ਕੀਤੀ ਜਾਏ, ਉਸਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ । ਜਿਵੇਂ : ਉਹ, ਉਸਨੂੰ, ਉਸ ਦਾ, ਉਹਨਾਂ ਦਾ ਆਦਿ।

2. ਨਿੱਜ-ਵਾਚਕ ਪੜਨਾਂਵ : ਵਾਕ ਵਿੱਚ ਕਰਤਾ ਦੇ ਨਾਂ ਦੀ ਥਾਂ ਤੇ ਵਰਤਿਆ ਜਾਣ ਵਾਲਾ ਪੜਨਾਂਵ, ਜਿਹੜਾ ਕਰਤਾ ਨੂੰ ਵਿਸ਼ੇਸ਼ਤਾ ਦਿੰਦਾ ਹੋਵੇ, ਉਸ ਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ ।

ਜਿਵੇਂ : ‘ਮੈਂ ਆਪ ਉਸ ਨੂੰ ਸੱਦ ਲਿਆਵਾਂਗਾ।’ ਵਾਕ ਵਿੱਚ ਆਪ ਨਿੱਜੀ ਵਾਚਕ ਪੜਨਾਂਵ ਹੈ।

3. ਨਿਸ਼ਚੇ-ਵਾਚਕ ਪੜਨਾਂਵ : ਜਿਹੜੇ ਸ਼ਬਦ ਕਿਸੇ ਦੂਰ ਪਈ ਜਾਂ ਕੋਲ ਪਈ ਚੀਜ਼ ਵਲ ਇਸ਼ਾਰਾ ਕਰਕੇ ਉਸ ਨੂੰ ਪੜਨਾਂਵ ਰੂਪ ਵਿੱਚ ਵਰਨਣ ਕਰਨ, ਉਹ ਨਿਸ਼ਚੇ-ਵਾਚਕ ਪੜਨਾਂਵ ਹੁੰਦੇ ਹਨ।

ਜਿਵੇਂ : ਔਹ ਸਾਡੇ ਘਰ ਦਾ ਦਰਵਾਜ਼ਾ ਹੈ, ਇਹ ਗੁਆਂਢੀਆਂ ਦਾ ਮੁੰਡਾ ਹੈ, ਇਹਨਾਂ ਵਾਕਾਂ ਵਿੱਚ ਔਹ ਤੇ ਇਹ ਨਿਸ਼ਚੇ-ਵਾਚਕ ਪੜਨਾਂਵ ਹਨ।

4. ਅਨਿਸ਼ਚੇ-ਵਾਚਕ ਪੜਨਾਂਵ : ਜਿਸ ਪੜਨਾਂਵ ਤੋਂ ਕਿਸੇ ਜੀਵ, ਜਗ੍ਹਾ ਜਾਂ ਵਸਤੂ ਦਾ ਨਿਸ਼ਚੇ ਪੂਰਬਕ ਗਿਆਨ ਨਾ ਹੋਵੇ, ਉਸ ਨੂੰ ਅਨਿਸ਼ਚੇ-ਵਾਚਕ ਪੜਨਾਂਵ ਕਿਹਾ ਜਾਂਦਾ ਹੈ ।

ਜਿਵੇਂ : ਜਲੂਸ ਵਿੱਚ ਕਈ ਨਾਅਰੇ ਲਾਂਦੇ ਜਾ ਰਹੇ ਸਨ। ਸਭਾ ਵਿੱਚ ਅਨੇਕਾਂ ਨੇ ਭਾਸ਼ਨ ਦਿੱਤੇ। ਇਹਨਾਂ ਵਾਕਾਂ ਵਿੱਚ ‘ਕਈ ਤੇ ਅਨੇਕਾਂ’ ਅਨਿਸ਼ਚੇ-ਵਾਚਕ ਪੜਨਾਂਵ ਹਨ।

5. ਸੰਬੰਧ-ਵਾਚਕ ਪੜਨਾਂਵ : ਜਿਹੜੇ ਸ਼ਬਦ, ਨਾਂਵ ਦੀ ਥਾਂ ਵਰਤੇ ਜਾਣ ਪਰ ਨਾਲ ਹੀ ਯੋਜਕਾਂ ਵਾਂਗ ਵਾਕਾਂ ਨੂੰ ਜੋੜਨ, ਉਨ੍ਹਾਂ ਨੂੰ ਸੰਬੰਧ-ਵਾਚਕ ਪੜਨਾਂਵ ਕਿਹਾ ਜਾਂਦਾ ਹੈ।

ਜਿਵੇਂ : ਜੋ, ਜਿਹੜਾ ਆਦਿ। ਹੇਠ-ਲਿਖੀਆਂ ਉਦਾਹਰਨਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ : ਜਿਹੜਾ ਜਿੱਤੇਗਾ, ਉਹੀ ਇਨਾਮ ਦਾ ਹੱਕਦਾਰ ਹੋਵੇਗਾ। ਜੋ ਜਿਹਾ ਕਰੇਗਾ, ਉਹ ਤਿਹਾ ਫਲ ਪਾਵੇਗਾ। ਇਹਨਾਂ ਵਾਕਾਂ ਵਿੱਚ ਜਿਹੜਾ ਅਤੇ ਜੋ ਸੰਬੰਧ-ਵਾਚਕ ਪੜਨਾਂਵ ਹਨ।

6. ਪ੍ਰਸ਼ਨ-ਵਾਚਕ ਪੜਨਾਂਵ : ਜਿਹੜੇ ਸ਼ਬਦ ਪੜਨਾਂਵ ਹੋਣ ਪਰ ਉਨ੍ਹਾਂ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਨ੍ਹਾਂ ਨੂੰ ਪ੍ਰਸ਼ਨ-ਵਾਚਕ ਪੜਨਾਂਵ ਕਿਹਾ ਜਾਂਦਾ ਹੈ।

ਜਿਵੇਂ : ਕੌਣ ਬੂਹਾ ਖੜਕਾ ਰਿਹਾ ਹੈ ? ਕਿਸ ਨੇ ਇਹ ਪਿਆਲਾ ਤੋੜਿਆ ਹੈ ? ਕਿਹੜਾ ਹੈ ਜੋ ਤੁਹਾਨੂੰ ਵੰਗਾਰ ਸਕੇ ? ਇਹਨਾਂ ਵਾਕਾਂ ਵਿੱਚ ਕੌਣ, ਕਿਸ ਨੇ, ਕਿਹੜਾ ਪ੍ਰਸ਼ਨ-ਵਾਚਕ ਪੜਨਾਂਵ ਹਨ।

 

ਜਰੂਰ ਪੜ੍ਹੋ-

Karak in Punjabi

Punjabi Muhavare

Punjabi Proverbs

Leave a Comment

Your email address will not be published. Required fields are marked *