ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi

In this article, we are providing information about Mahatma Gandhi in Punjabi. Short Essay on Mahatma Gandhi in Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Punjabi Nibandh.

जरूर पढ़े- 10 Lines on Mahatma Gandhi in Hindi

ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi

Essay on Mahatma Gandhi in Punjabi

 

( Essay-1 ) Mahatma Gandhi Essay in Punjabi

Paragraph on Mahatma Gandhi in Punjabi

ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਕਾਠੀਆਵਾੜ ਰਿਆਸਤ ਦੇ ਪੋਰਬੰਦਰ ਸ਼ਹਿਰ (ਗੁਜਰਾਤ) ਵਿੱਚ ਹੋਇਆ। ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ।

ਆਪ ਛੋਟੀ ਉਮਰ ਵਿੱਚ ਹੀ ਭੈੜੀ ਸੰਗਤ ਵਿੱਚ ਪੈ ਗਏ ਸਨ, ਪਰ ਜਲਦੀ ਹੀ ਆਪ ਨੇ ਆਪਣੀ ਗ਼ਲਤੀ ਮਹਿਸੂਸ ਕੀਤੀ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਗੇ। ਤੇਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਕਸਤੂਰਬਾ ਨਾਲ ਹੋਇਆ। ਬੀ. ਏ. ਪਾਸ ਕਰਨ ਤੋਂ ਬਾਅਦ ਆਪ ਵਕਾਲਤ ਪਾਸ ਕਰਨ ਇੰਗਲੈਂਡ ਚਲੇ ਗਏ। ਇੰਗਲੈਂਡ ਰਹਿੰਦੇ ਸਮੇਂ ਆਪ ਨੇ ਆਪਣੀ ਮਾਤਾ ਨੂੰ ਦਿੱਤੇ ਧਾਰਨਾ ਦਾ ਪੂਰੀ ਤਰ੍ਹਾਂ ਪਾਲਣ ਕੀਤਾ।

ਵਕਾਲਤ ਪਾਸ ਕਰਨ ਤੋਂ ਬਾਅਦ ਆਪ ਨੇ ਹਿੰਦੁਸਤਾਨ ਵਾਪਿਸ ਆ ਕੇ ਬੰਬਈ ਵਿਖੇ ਵਕਾਲਤ ਸ਼ੁਰੂ ਕਰ ਦਿੱਤੀ। ਇੱਕ ਵਾਰ ਇੱਕ ਮੁਕੱਦਮੇ ਦੇ ਸਿਲਸਿਲੇ ਵਿੱਚ ਆਪ ਨੂੰ ਦੱਖਣੀ ਅਫ਼ਰੀਕਾ ਜਾਣਾ ਪਿਆ। ਦੱਖਣੀ ਅਫ਼ਰੀਕਾ ਵਿੱਚ ਭਾਰਤੀਆਂ ਦੀ ਦੁਰਦਸ਼ਾ ਦੇਖ ਕੇ ਆਪ ਨੂੰ ਬਹੁਤ ਦੁੱਖ ਹੋਇਆ। ਦੱਖਣੀ ਅਫ਼ਰੀਕਾ ਵਿੱਚ ਹੀ ਆਪ ਨੇ ਭਾਰਤੀਆਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਸਤਿਆਗ੍ਰਹਿ ਕੀਤਾ, ਜਿਸ ਵਿੱਚ ਆਪ ਦੀ ਜਿੱਤ ਹੋਈ।

ਹਿੰਦੁਸਤਾਨ ਵਾਪਿਸ ਆ ਕੇ ਆਪ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। 1919 ਵਿੱਚ ਆਪ ਨੇ ਰੋਲਟ ਐਕਟ ਵਿਰੁੱਧ ਸਤਿਆਗ੍ਰਹਿ ਕੀਤਾ। 1930 ਈਸਵੀ ਵਿੱਚ ਆਪ ਨੇ ਡਾਂਡੀ ਯਾਤਰਾ ਕੀਤੀ। 1942 ਵਿੱਚ ਆਪ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਆਪ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ।

ਅਖੀਰ 1947 ਵਿੱਚ ਆਪ ਦੀਆਂ ਕੋਸ਼ਿਸ਼ਾਂ ਸਦਕਾ ਹਿੰਦੁਸਤਾਨ ਅਜ਼ਾਦ ਹੋਇਆ। ਪਰ ਆਪ ਅਜ਼ਾਦ ਹਿੰਦੁਸਤਾਨ ਨੂੰ ਬਹੁਤੀ ਦੇਰ ਆਪਣੀ ਅਗਵਾਈ ਨਾ ਦੇ ਸਕੇ। 30 ਜਨਵਰੀ, 1948 ਨੂੰ ਨੱਥੂ ਰਾਮ ਗੋਡਸੇ ਨੇ ਆਪ ਨੂੰ ਗੋਲੀ ਮਾਰ ਦਿੱਤੀ। ਭਾਵੇਂ ਗਾਂਧੀ ਜੀ ਅੱਜ ਸਾਡੇ ਵਿੱਚ ਨਹੀਂ, ਪਰ ਤਾਂ ਵੀ ਉਹਨਾਂ ਦੁਆਰਾ ਦਰਸਾਇਆ ਅਹਿੰਸਾ ਦਾ ਸਿਧਾਂਤ ਅੱਜ ਵੀ ਸਾਨੂੰ ਨਵੀਂ ਰੋਸ਼ਨੀ ਦਿਖਾ ਰਿਹਾ ਹੈ।

ਸਾਰਾ ਰਾਸ਼ਟਰ ਉਹਨਾਂ ਨੂੰ ਬਾਪੂ ਗਾਂਧੀ ਕਹਿ ਕੇ ਯਾਦ ਕਰਦਾ ਹੈ।

 

( Essay-2 ) ਮਹਾਤਮਾ ਗਾਂਧੀ ਤੇ ਲੇਖ | Essay on Mahatma Gandhi in Punjabi

ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿਚ ਮਹਾਤਮਾ ਗਾਂਧੀ ਦਾ ਨਾਂ ਮੁੱਖ ਰੂਪ ਵਿਚ ਲਿਆ ਜਾਂਦਾ ਹੈ। ਉਹਨਾਂ ਭਾਰਤ-ਵਾਸੀਆਂ ਦੇ ਹੱਥ ਵਿਚ ਸਤਿਆਗ੍ਰਹਿ ਅੰਦੋਲਨ ਨਾਮਕ ਅਟੁਟ ਸ਼ਸਤਰ ਦੇ ਕੇ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਇਆ। ਸਾਰੇ ਦੇਸ਼ ਦੇ ਲੋਕ ਉਹਨਾਂ ਦੇ ਝੰਡੇ ਹੇਠਾਂ ਇਕੱਠੇ ਹੋ ਗਏ ਸਨ। ਰਾਸ਼ਟਰੀ ਯੁੱਧ ਦੇ ਵਿਜੇਤਾ ਬਣ ਕੇ ਉਹਨਾਂ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਜੂਲਾ ਉਤਾਰ ਦਿੱਤਾ ਅਤੇ ਦੇਸ਼ਵਾਸੀਆਂ ਨੂੰ ਸੁਤੰਤਰ ਰਾਸ਼ਟਰ ਦੇ ਨਾਗਰਿਕ ਬਣਾ ਦਿੱਤਾ। ਦੇਸ਼ ਵਾਸੀ ਅੱਜ ਉਹਨਾਂ ਨੂੰ ਰਾਸ਼ਟਰਪਿਤਾ ਦੇ ਨਾਂ ਨਾਲ ਯਾਦ ਕਰਕੇ ਆਦਰ ਵਜੋਂ ਆਪਣਾ ਮਸਤਕ ਝੁਕਾ ਲੈਂਦੇ ਹਨ।

ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ, ਸੰਨ 1869 ਨੂੰ ਕਾਠਿਆਵਾੜ ਗੁਜਰਾਤ ਦੇ ਇਕ ਸ਼ਹਿਰ ਪੋਰਬੰਦਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਅਤੇ ਮਾਤਾ ਦਾ ਨਾਂ ਪੁਤਲੀ ਬਾਈ ਸੀ। ਉਸ ਸਮੇਂ ਆਪ ਜੀ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ ਇਸ ਲਈ ਆਪ ਦੀ ਮੁੱਢਲੀ ਸਿਖਿਆ ਰਾਜਕੋਟ ਦੇ ਸਕੂਲ ਵਿਚ ਹੀ ਹੋਈ। ਅਜੇ ਉਹ ਛੋਟੀ ਜਿਹੀ ਉਮਰ ਦੇ ਹੀ ਸਨ ਕਿ ਉਹਨਾਂ ਦਾ ਵਿਆਹ ਸ੍ਰੀਮਤੀ ਕਸਤੂਰਬਾ ਬਾਈ ਨਾਲ ਹੋ ਗਿਆ। ਹਾਈ ਸਕੂਲ ਦੀ ਸਿਖਿਆ ਦੇ ਬਾਅਦ ਆਪ ਉੱਚੀ ਵਿਦਿਆ ਲਈ ਇੰਗਲੈਂਡ ਚਲੇ ਗਏ। ਉਥੇ ਕਈ ਵਰਿਆਂ ਤੱਕ ਅਨੇਕਾਂ ਔਗੁਣਾਂ ਤੋਂ ਬਚਦੇ ਹੋਏ ਆਪ ਨੇ ਬੈਰਿਸਟਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤ ਵਾਪਸ ਪਰਤੇ। ਆਪ ਨੇ ਉਥੇ ਆਪਣੀ ਮਾਤਾ ਦੇ ਅਗੇ ਕੀਤੀਆਂ ਗਈਆਂ ਪ੍ਰਤੀਰਿਆਵਾਂ ਦਾ ਪਾਲਣ ਕੀਤਾ।

ਭਾਰਤ ਵਾਪਸ ਆ ਕੇ ਬੰਬਈ ਵਿੱਚ ਵਕਾਲਤ ਕਰਨ ਲਗੇ , ਲੇਕਿਨ ਵਕਾਲਤ ਨਾ ਚਲ ਸਕੀ। ਇੱਧਰ ਇਕ ਮੁਕੱਦਮੇ ਦੀ ਪੈਰਵੀ ਲਈ ਇਹਨਾਂ ਨੂੰ ਦੱਖਣੀ ਅਫਰੀਕਾ ਜਾਣਾ ਪਿਆ। ਮੁਕੱਦਮਾ ਤਾਂ ਉਹਨਾਂ ਦੋਹਾਂ ਵਪਾਰੀਆਂ ਵਿੱਚ ਸਮਝੌਤਾ ਕਰਵਾ ਕੇ ਖਤਮ ਕਰਵਾ ਦਿੱਤਾ। ਲੇਕਿਨ ਆਪਣੇ ਦੇਸ਼ ਦੇ ਲੋਕਾਂ ਤੇ ਅਫਰੀਕਾ ਵਿਚ ਗੋਰਿਆਂ ਦੇ ਵਰਤਾਵ ਨੂੰ ਸਹਿਣ ਨਾ ਕਰ ਸਕੇ। ਉਹਨਾਂ ਨੇ ਇਹਨਾਂ ਅਤਿਆਚਾਰਾਂ ਨੂੰ ਸਮਾਪਤ ਕਰਨ ਦਾ ਪੱਕਾ ਫੈਸਲਾ ਕਰ ਲਿਆ। ਆਪਣੇ ਸਤਿਆਗ੍ਰਹਿ ਅੰਦੋਲਨ ਨੂੰ ਜਨਮ ਦਿੱਤਾ। ਗੋਰਿਆਂ ਦੇ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਗੋਰਿਆਂ ਨੇ ਗਾਂਧੀ ਜੀ ਦਾ ਭਾਰੀ ਅਪਮਾਨ ਕੀਤਾ ਲੇਕਿਨ ਆਪ ਆਮ ਜਨਤਾ ਨੂੰ ਜਾਗਰਤ ਕਰਨ ਵਿਚ ਸਫਲ ਹੋ ਗਏ। ਗੋਰਿਆਂ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਅਤੇ ਗਾਂਧੀ ਜੀ ਨੂੰ ਇਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਜਿੱਤ ਪ੍ਰਾਪਤ ਕਰਕੇ ਗਾਂਧੀ ਜੀ ਵਾਪਸ ਭਾਰਤ ਪਰਤ ਆਏ।

ਭਾਰਤ ਵਿਚ ਉਹਨੀਂ ਦਿਨੀਂ ਸੁੰਤਤਰਤਾ ਦਾ ਯੁੱਧ ਛਿੜਿਆ ਹੋਇਆ ਸੀ। ਭਾਰਤ ਪਾਲ, ਲਾਲ ਅਤੇ ਬਾਲ ਦੀ ਅਗਵਾਈ ਹੇਠ ਅੰਗਰੇਜ਼ਾਂ ਨਾਲ ਲੜ ਰਿਹਾ ਸੀ। ਗਾਂਧੀ ਜੀ ਨੇ ਵੀ ਇਸ ਸੰਗਰਾਮ ਵਿਚ ਕੁੱਦਣ ਦਾ ਨਿਸ਼ਚਾ ਕਰ ਲਿਆ। ਲੋਕ ਮਾਨਯ ਤਿਲਕ ਦੇ ਇਸ ਨਾਹਰੇ ਨੂੰ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ’ ਸਾਰਥਕ ਕਰਨ ਦੇ ਲਈ ਆਪ ਵੀ ਇਸ ਸੰਗਰਾਮ ਵਿਚ ਕੁੱਦ ਪਏ। ਥੋੜੇ ਹੀ ਸਮੇਂ ਦੇ ਬਾਅਦ ਕਾਂਗਰਸ ਦੀ ਵਾਗਡੋਰ ਆਪ ਜੀ ਦੇ ਹੱਥਾਂ ਵਿਚ ਆ ਗਈ। ਸੰਨ 1919 ਦੇ ਜਲ੍ਹਿਆਂ ਵਾਲਾ ਬਾਗ ਦੇ ਹੱਤਿਆ ਕਾਂਡ ਨੇ ਭਾਰਤੀਆਂ ਦੇ ਅੰਦਰ ਅੰਗਰੇਜ਼ਾਂ ਦੇ ਪ੍ਰਤੀ ਭਾਰੀ ਨਰਾਜ਼ਗੀ ਪੈਦਾ ਕਰ ਦਿੱਤੀ ਸੀ। ਇਸ ਨਰਾਜ਼ਗੀ ਵਿਚੋਂ ਅਸਹਿਯੋਗ ਅੰਦੋਲਨ ਨੇ ਜਨਮ ਲਿਆ। ਗਾਂਧੀ ਜੀ ਦੇ ਡੀਲਡੌਲ ਵਿਚ ਹੀ ਕੁਝ ਅਜਿਹੀ ਖਿੱਚ ਸੀ ਕਿ ਸਾਰੇ ਦੇਸ਼ ਵਿਚ ਹਲਚਲ ਪੈਦਾ ਹੋ ਗਈ। ਵਿਦਿਆਰਥੀਆਂ ਨੇ ਕਾਲਜਾਂ ਨੂੰ , ਵਕੀਲਾਂ ਨੇ ਅਦਾਲਤਾਂ ਨੂੰ ਅਤੇ ਕਰਮਚਾਰੀਆਂ ਨੇ ਦਫਤਰਾਂ ਨੂੰ ਛੱਡ ਕੇ ਜੇਲ੍ਹਾਂ ਭਰ ਦਿੱਤੀਆਂ। ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀ ਨੇਤਾਵਾਂ ਨੂੰ ਜੇਲਾਂ ਵਿਚ ਭੇਜ ਦਿੱਤਾ ਗਿਆ। ਸਵਦੇਸ਼ੀ ਵਸਤੂਆਂ ਨੂੰ ਮਹੱਤਤਾ ਦਿੱਤੀ ਜਾਣ ਲੱਗੀ। ਘਰ-ਘਰ ਵਿਚ ਚਰਖਿਆ ਦੇ ਚੱਕਰ ਘੁੰਮਣ ਲੱਗੇ, ਕੁਟੀਰ-ਧੰਦਿਆਂ ਦਾ ਵਿਕਾਸ ਹੋਇਆ। ਆਮ ਲੋਕ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦੇ ਪ੍ਰਮੀ ਬਣ ਗਏ | ਅਸਹਿਯੋਗ ਅੰਦੋਲਨ ਦੇ ਬਾਅਦ ਨਮਕ ਸਤਿਆਗ੍ਰਹਿ ਤੋਂ ਲੈ ਕੇ ਭਾਰਤ ਛੱਡੋ ਅੰਦੋਲਨ ਤਕ ਗਾਂਧੀ ਜੀ ਲਗਾਤਾਰ ਦੇਸ਼ ਦੀ ਅਗਵਾਈ ਕਰਦੇ ਰਹੇ। ਆਪ ਦੀਆਂ ਚੰਗੀਆਂ ਕੋਸ਼ਿਸ਼ਾਂ ਨਾਲ ਭਾਰਤ ਸੁੰਤਤਰ ਹੋਇਆ, ਲੇਕਿਨ ਦੇਸ਼ ਦੇ ਦੋ ਹਿੱਸੇ ਬਣਾ ਦਿੱਤੇ ਜਾਣ ਤੇ ਉਹਨਾਂ ਨੂੰ ਬੜਾ ਦੁੱਖ ਹੋਇਆ।

ਗਾਂਧੀ ਜੀ ਨੇ ਸਵਦੇਸ਼ ਦੇ ਨਾਲ-ਨਾਲ ਸਮਾਜ ਵਿਚ ਇੱਜ਼ਤ ਨਾਲ ਅਧਿਕਾਰ ਪੂਰਵਕ ਰਹਿਣਾ ਵੀ ਸਿਖਾਇਆ। ਛੂਤ-ਛਾਤ ਦਾ ਸਮਾਪਤ ਕੀਤਾ ਜਾਣਾ ਆਪ ਦੀਆਂ ਹੀ ਅਣਥਕ ਕੋਸ਼ਿਸ਼ਾਂ ਦਾ ਸਿੱਟਾ ਹੈ। ਹਿੰਦੂ ਮੁਸਲਿਮ ਏਕਤਾ ਦੇ ਲਈ ਆਪ ਨੇ ਸਖਤ ਮਿਹਨਤ ਕੀਤੀ। ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਦੀ ਆਪ ਦੇ ਤਪ, ਤਿਆਗ ਅਤੇ ਬਲੀਦਾਨ ਤੋਂ ਉੱਨੇ ਹੀ ਪ੍ਰਭਾਵਿਤ ਸਨ। ਹਰੀਜਨ ਅਖਬਾਰ ਵਿੱਚ ਆਪ ਨੇ ਆਪਣੇ ਲੇਖਾਂ ਦੁਆਰਾ ਸਵਦੇਸ਼ੀ ਅੰਦੋਲਨ, ਅਛੂਤਉੱਦਾਰ ਅਤੇ ਹਿੰਦੂ ਮੁਸਲਿਮ ਏਕਤਾ ਦਾ ਪ੍ਰਚਾਰ ਕੀਤਾ।

ਦੇਸ਼ ਨੂੰ ਸੁਤੰਤਰ ਕਰਾਉਣ ਦੇ ਇਸ ਮਹਾਨ ਕੰਮ ਵਿਚ ਆਪ ਦੀ ਪਤਨੀ ਕਸਤੂਰਬਾ ਬਾਈ ਦਾ ਵੀ ਭਾਰੀ ਯੋਗਦਾਨ ਰਿਹਾ। ਉਹ ਹਰੇਕ ਕੰਮ ਵਿਚ ਛਾਂ ਦੀ ਤਰ੍ਹਾਂ ਆਪਣੇ ਪਤੀ ਦੇ ਨਾਲ-ਨਾਲ ਰਹੀ। ਉਹਨਾਂ ਦਾ ਜੀਵਨ ਵੀ ਇਕ ਆਦਰਸ਼ ਜੀਵਨ ਸੀ। ਪਤੀ ਦੇ ਨਾਲ-ਨਾਲ ਜੇਲ੍ਹ ਵਿੱਚ ਹੀ ਉਹਨਾਂ ਪ੍ਰਾਣ ਛੱਡੋ।

ਮਹਾਤਮਾ ਗਾਂਧੀ ਜੀ ਨੇ ਅਹਿੰਸਾਮਈ ਅੰਦੋਲਨਾਂ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਉਹਨਾਂ ਭਾਰਤ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝੀ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਅਤੇ ਲਾਲ ਕਿਲ੍ਹੇ ਦੀ ਦੀਵਾਰ ਤੇ ਤਿਰੰਗਾ ਲਹਿਰਾ ਉਠਿਆ।

ਸੁਤੰਤਰਤਾ ਦੇ ਨਾਲ ਹੀ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਵੰਡ ਦੇ ਸਿੱਟੇ ਵਜੋਂ ਅਨੇਕਾਂ ਲੋਕ ਸ਼ਰਨਾਰਥੀ ਬਣ ਕੇ ਇਧਰ-ਉਧਰ ਭਟਕਣ ਲੱਗੇ। ਦੇਸ਼ ਵਿਚ ਭਾਰੀ ਸੰਪਰਦਾਇਕ ਦੰਗੇ ਹੋਏ। ਹਿੰਦੂ ਮੁਸਲਮਾਨ ਦੋਹਾਂ ਨੇ ਹੀ ਖੂਨ ਦੀ ਹੋਲੀ ਖੇਡੀ। ਉਹਨਾਂ ਹਿੰਦੂ-ਮੁਸਲਮਾਨ ਏਕਤਾਂ ਦੇ ਲਈ ਵਰਤ ਰਖਿਆ ਜਿਹੜਾ ਬੜੀ ਸਫਲਤਾ ਦੇ ਨਾਲ ਖੁਲਿਆ। ਦੇਸ਼ ਦੇ ਕੁਝ ਕੱਟਰ ਪੰਥੀ ਉਹਨਾਂ ਨੂੰ ਮੁਸਲਮਾਨਾਂ ਦਾ ਸਮਰਥਕ ਸਮਝਣ ਲੱਗੇ । ਅਜਿਹੇ ਹੀ ਇਕ ਮਨਮਾਨੀ ਕਰਨ ਵਾਲੇ ਨੇ 30 ਜਨਵਰੀ 1948 ਦੀ ਸਵੇਰ ਨੂੰ ਗੋਲੀ ਚਲਾ ਦਿੱਤੀ। ਆਪ ਰਾਮ-ਰਾਮ ਕਰਦੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਆਪ ਦੀ ਮੌਤ ਨਾਲ ਸਾਰੇ ਸੰਸਾਰ ਵਿਚ ਦੁੱਖ ਫੋਲ ਗਿਆ। ਗਾਂਧੀ ਜੀ ਨੇ ਭਾਰਤੀਆਂ ਨੂੰ ਰਾਜਨੀਤੀ ਦੇ ਨਾਲ-ਨਾਲ ਅਧਿਆਤਮਿਕ ਗਿਆਨ ਵੀ ਦਿੱਤਾ। ਉਹ ਸਚਮੁੱਚ ਮਹਾਤਮਾ ਸਨ।

 

( Essay-3 ) Long Mahatma Gandhi Essay in Punjabi

ਜਾਣ-ਪਛਾਣ

ਰਾਸ਼ਟਰ-ਪਿਤਾ ਮਹਾਤਮਾ ਗਾਂਧੀ (ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ) ਜੀ ਦੇ ਨਾਂ ਤੋਂ ਹਰ ਭਾਰਤੀ ਜਾਣੂ ਹੈ। ਆਪ ਨੂੰ ਸਭ ਭਾਰਤੀ ‘ਬਾਪੂ’ ਆਖ ਕੇ ਯਾਦ ਕਰਦੇ ਹਨ। ਆਪ ਨੇ ਆਪਣੇ ਜੀਵਨ ਦਾ ਬਹੁਤਾ ਭਾਗ ਦੇਸ਼ ਦੀ ਅਜ਼ਾਦੀ ਲਈ ਅਰਪਣ ਕੀਤਾ ਅਤੇ ਬਿਨਾਂ ਲਹੂ ਦੀ ਬੂੰਦ ਵਹਾਏ ਅੰਗਰੇਜ਼ੀ ਸਾਮਰਾਜ ਤੋਂ ਸੁਤੰਤਰਤਾ ਲੈ ਕੇ ਸਾਹ ਲਿਆ। ਭਾਰਤ ਦੀ ਅਜ਼ਾਦੀ ਦਾ ਸਿਹਰਾ ਸਭ ਤੋਂ ਜ਼ਿਆਦਾ ਆਪ ਦੇ ਹੀ ਸਿਰ ਹੈ। ਆਪ ਅਹਿੰਸਾ, ਸੱਤਿਆਗ੍ਰਹਿ, ਸ਼ਾਂਤੀ ਤੇ ਸਾਂਝੀਵਾਲਤਾ ਦੇ ਪੁਜਾਰੀ ਸਨ।ਆਪ ਸਭ ਧਰਮਾਂ ਦੀਆਂ ਸਾਂਝੀਆਂ ਗੱਲਾਂ ਪ੍ਰਚਾਰਿਆ ਕਰਦੇ ਸਨ। ਆਪ ਨੂੰ ਵੀਹਵੀਂ ਸਦੀ ਦਾ ਸੱਚ ਤੇ ਅਹਿੰਸਾ ਦਾ ਅਵਤਾਰ ਆਖ ਕੇ ਸਨਮਾਨਿਆ ਜਾਂਦਾ ਹੈ।

ਜਨਮ

ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ) ਦੀ ਭਾਗਾਂ-ਭਰੀ ਨਿੱਕੀ ਜਿਹੀ ਰਿਆਸਤ ਪੋਰਬੰਦਰ ਵਿੱਚ ਹੋਇਆ। ਆਪ ਦੇ ਪਿਤਾ ਜੀ ਪਹਿਲਾਂ ਇਸ ਰਿਆਸਤ ਦੇ ਦੀਵਾਨ ਸਨ, ਬਾਅਦ ਵਿੱਚ ਉਹ ਇਸੇ ਪਦਵੀ ‘ਤੇ ਰਾਜਕੋਟ ਚਲੇ ਗਏ।

ਵਿੱਦਿਆ ਪ੍ਰਾਪਤੀ ਤੇ ਆਗਿਆਕਾਰ ਪੁੱਤਰ

ਆਪ ਨੇ ਮੁਢਲੀ ਵਿੱਦਿਆ ਰਾਜਕੋਟ ਲਈ। ਆਪ ਨੇ 1887 ਈ. ਵਿੱਚ ਦਸਵੀਂ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਵਾਸਤੇ ਸੋਮ ਦਾਸ ਕਾਲਜ, ਭਾਵਨਗਰ ਵਿੱਚ ਦਾਖ਼ਲ ਹੋਏ। ਆਪ ਨੇ 20 ਜੂਨ, 1891 ਈ. ਨੂੰ ਬੈਰਿਸਟਰੀ ਵਲਾਇਤੋਂ ਪਾਸ ਕੀਤੀ। ਕਿਉਂਕਿ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ ਸਨ, ਇਸ ਲਈ ਵਿਦੇਸ਼ੀ ਪੜ੍ਹਾਈ ‘ਤੇ ਆਪ ਦੀ ਧਰਮ ਪਤਨੀ ਕਸਤੂਰਬਾ ਬਾਈ ਨੇ ਆਪਣਾ ਗਹਿਣਾ-ਗੱਟਾ ਵੇਚ ਕੇ ਖ਼ਰਚ ਕੀਤਾ। ਆਪ ਜੀ ਦੀ ਮਾਤਾ ਜੀ ਨੇ ਆਪ ਤੋਂ ਵਲਾਇਤ ਜਾਣ ਤੋਂ ਪਹਿਲਾਂ ਮਾਸ ਨਾ ਖਾਣ, ਸ਼ਰਾਬ ਨਾ ਪੀਣ ਅਤੇ ਪਰਾਈ ਇਸਤਰੀ ਕੋਲ ਨਾ ਜਾਣ ਦਾ ਪ੍ਰਣ ਲਿਆ।ਆਪ ਨੇ ਵਲਾਇਤ ਵਿੱਚ ਕਈ ਦੋਸਤਾਂ-ਯਾਰਾਂ ਨੂੰ ਭਾਵੇਂ ਨਰਾਜ਼ ਕਰ ਲਿਆ ਪਰ ਆਪਣਾ ਪ੍ਰਣ ਨਾ ਤੋੜਿਆ ਤੇ ਆਦਰਸ਼ਕ ਜੀਵਨ ਬਤੀਤ ਕੀਤਾ।

ਵਕਾਲਤ ਦੌਰਾਨ ਅੰਗਰੇਜ਼ੀ ਹਕੂਮਤ ਦਾ ਵਿਰੋਧ

ਬੈਰਿਸਟਰੀ ਪਾਸ ਕਰ ਕੇ ਆਪ ਨੇ ਪਹਿਲਾਂ ਰਾਜਕੋਟ ਤੇ ਫਿਰ ਬੰਬਈ (ਮੁੰਬਈ) ਵਿੱਚ ਵਕਾਲਤ ਕੀਤੀ, ਪਰ ਗੱਲ ਨਾ ਬਣ ਸਕੀ। ਆਪ ਮੁੜ ਰਾਜਕੋਟ ਆ ਗਏ। 1893 ਈ. ਨੂੰ ਆਪ ਇੱਕ ਫਰਮ ਦੇ ਮੁਕੱਦਮੇ ਦੀ ਪੈਰਵੀ ਲਈ ਦੱਖਣੀ ਅਫ਼ਰੀਕਾ ਗਏ। ਇੱਥੇ ਨਸਲੀ ਵਿਤਕਰਾ ਬੜੇ ਜ਼ੋਰਾਂ ‘ਤੇ ਸੀ। ਇਸ ਪੱਖ-ਪਾਤ ਨੂੰ ਵੇਖ ਕੇ ਆਪ ਜਰ ਨਾ ਸਕੇ। ਆਪ ਉੱਥੋਂ ਦੀ ਸਰਕਾਰ ਦੇ ਵਿਰੋਧ ਲਈ ਡਟ ਗਏ। ਇਥੋਂ ਹੀ ਆਪ ਦਾ ਲੋਕ-ਜੀਵਨ ਸ਼ੁਰੂ ਹੁੰਦਾ ਹੈ। ਇੱਕ ਵਾਰੀ ਆਪ ਨੂੰ ਫ਼ਸਟ ਕਲਾਸ ਦੇ ਡੱਬੇ ਵਿੱਚੋਂ ਇਸ ਲਈ ਉਠਾਇਆ ਗਿਆ ਕਿਉਂਕਿ ਉਸ ਵਿੱਚ ਇੱਕ ਅੰਗਰੇਜ਼ ਨੇ ਸਫ਼ਰ ਕਰਨਾ ਸੀ। ਇੱਥੇ ਆਪ ਦੇ ਕਰੜੇ ਵਿਰੋਧ ਦੇ ਬਾਵਜੂਦ ਇੱਕ ਕਾਨੂੰਨ ਦੁਆਰਾ ਅੰਗਰੇਜ਼ਾਂ ਨੇ ਭਾਰਤੀਆਂ ਦਾ ਕਾਨੂੰਨ-ਘੜਨੀ ਸਭਾ ਦਾ ਮੈਂਬਰ ਤੇ ਵੋਟਰ ਬਣਨ ਦਾ ਹੱਕ ਮਾਰ ਦਿੱਤਾ, ਪਰ ਨਟਾਲ ਸਰਕਾਰ ਦੀ ਭਾਰਤੀ ਮਜ਼ਦੂਰ ‘ਤੇ ਪੰਝੀ ਪੌਂਡ ਟੈਕਸ ਲਾਉਣ ਦੀ ਨੀਤੀ ਸਿਰੇ ਨਾ ਚੜ੍ਹ ਸਕੀ, ਕੇਵਲ ਤਿੰਨ ਪੌਂਡ ਦਾ ਟੈਕਸ ਲਾਇਆ ਗਿਆ।

ਸੱਤਿਆਗ੍ਰਹਿ ਤੇ ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ

ਸਰਕਾਰ ਦੀਆਂ ਧਮਕੀਆਂ ਦੀ ਡਟਵੀਂ ਵਿਰੋਧਤਾ ਕਰਨ ਲਈ ਆਪ ਨੇ 1913 ਈ. ਵਿੱਚ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ। ਇੱਥੇ ਹੀ ਆਪ ਨੇ ਨਟਾਲ ਇੰਡੀਅਨ ਕਾਂਗਰਸ (Natal Indian Congress) ਦੀ ਸਥਾਪਨਾ ਕੀਤੀ। ਇੱਥੇ ਹੀ ਆਪ ਟਾਇਲਸਟਾਏ ਨਾਂ ਦਾ ਫ਼ਾਰਮ ਚਲਾ ਕੇ, ਖੇਤੀ ਕਰਾਉਣ ਲੱਗ ਪਏ। ਅੰਗਰੇਜ਼ਾਂ ਦਾ ਦਿਲ ਜਿੱਤਣ ਲਈ ਆਪ ਨੇ ਦੱਖਣੀ ਅਫ਼ਰੀਕਾ ਦੇ ਬੋਇਰਾਂ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਕੀਤੀ, ਪਰ ਆਪ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ।

ਭਾਰਤ ਵਾਪਸੀ

ਕਿਸੇ ਨੇ ਆਪ ਨੂੰ ਮਿਹਣਾ ਮਾਰਿਆ ਕਿ ਪਹਿਲਾਂ ਘਰ (ਭਾਰਤ) ਦਾ ਤਾਂ ਸੁਧਾਰ ਕਰੋ, ਫਿਰ ਇੱਥੋਂ ਦਾ ਖ਼ਿਆਲ ਕਰਨਾ। ਇਹ ਮਿਹਣਾ ਆਪ ਨੂੰ ਗੋਲੀ ਵਾਂਗ ਲੱਗਿਆ।ਆਪ ਪੂਰੇ ਵੀਹ ਵਰ੍ਹੇ ਅਫ਼ਰੀਕਾ ਰਹਿ ਕੇ ਭਾਰਤ ਵਾਪਸ ਆ ਗਏ। ਇਸ ਸਮੇਂ ਆਪ ਨੂੰ ਵਕਾਲਤ ਤੋਂ ਪੰਜ ਹਜ਼ਾਰ ਪੌਂਡ ਸਲਾਨਾ ਆਮਦਨੀ ਹੋਣੀ ਸ਼ੁਰੂ ਹੋ ਗਈ ਸੀ।

ਅਜ਼ਾਦੀ ਲਈ ਪ੍ਰਣ

ਭਾਰਤ ਵਿੱਚ ਆਉਂਦਿਆਂ ਸਾਰ, ਆਪ ਕਾਂਗਰਸ ਦੇ ਮੈਂਬਰ ਬਣ ਕੇ ਦੇਸ਼-ਭਲਾਈ ਦੇ ਕੰਮਾਂ ਵਿੱਚ ਜੁਟ ਗਏ। ਇਸ ਸਮੇਂ ਪਹਿਲੀ ਵੱਡੀ ਲੜਾਈ ਸ਼ੁਰੂ ਸੀ। ਅੰਗਰੇਜ਼ਾਂ ਨਾਲ ਲੜਾਈ ਜਿੱਤ ਕੇ ਭਾਰਤ ਨੂੰ ਅਜ਼ਾਦ ਕਰਨ ਦਾ ਵਾਅਦਾ ਕੀਤਾ। ਇਸ ਲਈ ਗਾਂਧੀ ਜੀ ਨੇ ਲੋਕਾਂ ਅੱਗੇ ਵਧ-ਚੜ੍ਹ ਕੇ ਭਰਤੀ ਹੋਣ ਦੀ ਅਪੀਲ ਕੀਤੀ। ਜੰਗ ਜਿੱਤ ਕੇ ਅੰਗਰੇਜ਼ਾਂ ਨੇ ਆਪ ਨੂੰ ‘ਕੇਸਰੀ ਹਿੰਦ’ ਤੇ ਬੋਅਰਵਾਰ ਮੈਡਲ ਤਾਂ ਦਿੱਤੇ, ਪਰ ਅਜ਼ਾਦੀ ਦੇਣੋਂ ਨਾਂਹ ਕਰ ਦਿੱਤੀ। ਉਹ ਰੋਲਟ ਬਿੱਲ ਦੁਆਰਾ ਆਪਣੇ ਪੈਰ ਪੱਕੇ ਕਰਨ ਲੱਗ ਪਏ।

ਜਲ੍ਹਿਆਂਵਾਲੇ ਬਾਗ਼ ਸਾਕੇ ਦਾ ਪ੍ਰਭਾਵ

ਫਲਸਰੂਪ ਇਸ ਬਿੱਲ ਦੇ ਵਿਰੁੱਧ ਹੜਤਾਲਾਂ ਹੋਈਆਂ ਅਤੇ ਵਿਸਾਖੀ ਵਾਲੇ ਦਿਨ ਨਿਹੱਥੇ ਭਾਰਤੀਆਂ ਉੱਪਰ ਜਲ੍ਹਿਆਂਵਾਲੇ ਬਾਗ਼ ਵਿੱਚ ਗੋਲੀਆਂ ਦਾ ਮੀਂਹ ਵਸਾਇਆ ਗਿਆ। ਇਸ ਤਰ੍ਹਾਂ ਕਾਂਗਰਸ ਤੇ ਸਰਕਾਰ ਦੀ ਸਿੱਧੀ ਟੱਕਰ ਹੋ ਗਈ। ਆਪ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋਂ ਸਨ, ਇਸ ਲਈ ਆਪ ਨੇ ਪੰਡਤ ਮੋਤੀ ਲਾਲ ਨਹਿਰੂ ਨੂੰ ਮਿਲ ਕੇ ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ।

ਗ਼ਰੀਬੀ ਦਾ ਅਨੁਭਵ

ਇਸ ਦੇਸ਼-ਰਟਨ ਤੋਂ ਆਪ ਨੂੰ ਜਨਤਾ ਦੀ ਗ਼ਰੀਬੀ ਦਾ ਸਹੀ ਅਨੁਮਾਨ ਲੱਗਿਆ ਕਿ ਇੱਕ ਭਾਰਤੀ ਦੇ ਹਿੱਸੇ ਰੋਜ਼ ਦੇ ਗੁਜ਼ਾਰੇ ਲਈ ਛੇ ਪੈਸੇ ਆਉਂਦੇ ਹਨ। ਆਪ ਨੇ ਆਪਣੇ ਕੀਮਤੀ ਕੱਪੜੇ ਉਤਾਰ ਕੇ ਲੰਗੋਟੀ ਤੇ ਚਾਦਰ ਵਿੱਚ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਆਪ ਨੇ ਆਪਣੀ ਖੁਰਾਕ ਥੋੜ੍ਹੀ ਤੇ ਸਾਦੀ ਕਰ ਲਈ।

ਵੱਖ-ਵੱਖ ਲਹਿਰਾਂ ਚਲਾਉਣਾ

1921 ਈ. ਵਿੱਚ ਆਪ ਨੇ ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਨਾ- ਮਿਲਵਰਤਣ ਦੀ ਲਹਿਰ ਸ਼ੁਰੂ ਕਰਵਾ ਦਿੱਤੀ। ਲੋਕਾਂ ਨੇ ਸਕੂਲਾਂ, ਕਾਲਜਾਂ, ਕਚਹਿਰੀਆਂ, ਸਰਕਾਰੀ ਨੌਕਰੀਆਂ ਅਤੇ ਵਿਦੇਸ਼ੀ ਚੀਜ਼ਾਂ-ਵਸਤਾਂ ਦਾ ਬਾਈਕਾਟ ਕਰ ਦਿੱਤਾ। 1929 ਈ. ਵਿੱਚ ਆਪ ਨੇ ‘ਲੂਣ-ਸੱਤਿਆਗ੍ਰਹਿ’ ਅਰੰਭ ਕਰ ਦਿੱਤਾ। 1930 ਈ. ਵਿੱਚ ਆਪ ‘ਸਿਵਲ-ਨਾ-ਫ਼ਰਮਾਨੀ ਲਹਿਰ’ ਦੇ ਮੋਢੀ ਬਣੇ। ਇਨ੍ਹਾਂ ਲਹਿਰਾਂ ਸਬੰਧੀ ਆਪ ਜੇਲ੍ਹ-ਯਾਤਰਾ ਕਰਦੇ ਰਹੇ ਤੇ ਰਿਹਾਅ ਹੁੰਦੇ ਰਹੇ। ਆਪ ਨੂੰ ਭਾਰਤ ਵੱਲੋਂ ਕਾਂਗਰਸ ਨੇ ‘ਗੋਲਮੇਜ਼ ਕਾਨਫ਼ਰੰਸ’ ਵਿੱਚ ਹਿੱਸਾ ਲੈਣ ਲਈ ਵਲਾਇਤ ਭੇਜਿਆ। ਇਸ ਕਾਨਫ਼ਰੰਸ ਵਿੱਚ ਭਾਰਤੀਆਂ ਨੂੰ ਵਧੇਰੇ ਅਧਿਕਾਰ ਦੇਣ ‘ਤੇ ਵਿਚਾਰ ਹੋਣੀ ਸੀ। ਇੱਥੇ ਅੰਗਰੇਜ਼ਾਂ ਦੀ ਬਦਨੀਤੀ ਕਰ ਕੇ ਕੋਈ ਗੱਲ ਸਿਰੇ ਨਾ ਚੜ੍ਹ ਸਕੀ ਅਤੇ ਆਪ ਵਾਪਸ ਆ ਗਏ।

ਜੇਲ੍ਹ ਯਾਤਰਾ

1932 ਈ. ਵਿੱਚ ਅੰਗਰੇਜ਼ੀ ਸਰਕਾਰ ਨੇ ਅਜ਼ਾਦੀ ਦੀ ਲਹਿਰ ਨੂੰ ਚੰਗੀ ਤਰ੍ਹਾਂ ਦਬਾਉਣ ਲਈ ਕਾਂਗਰਸ ਅਤੇ ਇਸ ਨਾਲ ਸਬੰਧਤ ਹੋਰ ਸਭਾਵਾਂ ਨੂੰ ਕਾਨੂੰਨ ਵਿਰੁੱਧ ਕਰਾਰ ਦਿੱਤਾ। ਅਣਗਿਣਤ ਲੋਕਾਂ ਨਾਲ ਆਪ ਵੀ ਜੇਲ੍ਹ ਗਏ।

ਨੀਵੀਆਂ ਜਾਤੀਆਂ ਵਾਲਿਆਂ ਨੂੰ ਸਨਮਾਨ

ਅੰਗਰੇਜ਼ਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਇੱਕ ਪਾਸੇ ਨੀਵੀਆਂ ਜਾਤੀਆਂ ਨੂੰ ਅਤੇ ਦੂਜੇ ਪਾਸੇ ਮੁਸਲਮਾਨਾਂ ਨੂੰ ਚੁੱਕਿਆ। ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਵਿੱਚ ਜਾਤ- ਧਰਮ ਆਦਿ ਦੇ ਨਾਂ ‘ਤੇ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ। ਆਪ ਨੇ ਅਛੂਤਾਂ ਨੂੰ ‘ਹਰੀਜਨ’ ਆਖ ਕੇ ਨਿਵਾਜਿਆ ਅਤੇ ਹਿੰਦੂ-ਮੁਸਲਿਮ ਭਾਈ ਭਾਈ ਦਾ ਪਰਚਾਰ ਕੀਤਾ।ਆਪ ਦੇ ਅਣਥੱਕ ਯਤਨਾਂ ਸਦਕਾ 1937 ਈ. ਵਿੱਚ ਭਾਰਤ ਦੇ ਬਾਰਾਂ ਪ੍ਰਾਂਤਾਂ ਵਿੱਚੋਂ ਸੱਤਾਂ ਵਿੱਚ ਕਾਂਗਰਸੀ ਵਜ਼ਾਰਤਾਂ ਬਣ ਗਈਆਂ। 1944 ਈ. ਵਿੱਚ ਕਾਂਗਰਸੀ ਵਜ਼ਾਰਤਾਂ ਦੀ ਰਾਇ ਦੀ ਪਰਵਾਹ ਨਾ ਕਰਦਿਆਂ ਹੋਇਆਂ ਵਾਇਸਰਾਇ ਨੇ ਭਾਰਤ ਨੂੰ ਜਰਮਨੀ ਦੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ‘ਤੇ ਰੋਸ ਵਜੋਂ ਕਾਂਗਰਸੀ ਵਜ਼ਾਰਤਾਂ ਨੇ ਅਸਤੀਫ਼ੇ ਦੇ ਦਿੱਤੇ।

ਦੇਸ਼-ਵੰਡ

ਦੂਜੀ ਵੱਡੀ ਲੜਾਈ ਦੇ ਬੰਦ ਹੋਣ ‘ਤੇ ਆਪ ਦੀ ਅਗਵਾਈ ਹੇਠਾਂ ਕਾਂਗਰਸ ਨੇ ‘ਭਾਰਤ ਛੱਡ ਦਿਉ ਦਾ ਨਾਅਰਾ ਲਾਇਆ। ਆਪ ਨੂੰ ਕੁਝ ਕਾਂਗਰਸੀ ਮੈਂਬਰਾਂ ਸਮੇਤ ਕੈਦ ਕੀਤਾ ਗਿਆ। ਆਪ ਨੇ ਜੇਲ੍ਹ ਵਿੱਚ ਮਰਨ-ਵਰਤ ਰੱਖ ਲਿਆ। ਆਪ ਦੀ ਸਥਿਤੀ ਅਤਿਅੰਤ ਚਿੰਤਾਜਨਕ ਹੋ ਗਈ। ਆਪ ਦੀ ਪਤਨੀ ਜੇਲ੍ਹ ਵਿੱਚ ਹੀ ਚਲਾਣਾ ਕਰ ਗਈ। ਆਪ ਨੂੰ ਛੇਤੀ ਹੀ ਛੱਡ ਦਿੱਤਾ ਗਿਆ। ਹੁਣ ਅੰਗਰੇਜ਼ਾਂ ਨੇ ਹੋਰ ਕੋਈ ਦਾਲ ਨਾ ਗਲਦੀ ਵੇਖ ਕੇ, ਮੁਸਲਮਾਨਾਂ ਨੂੰ ਪਾਕਿਸਤਾਨ ਮੰਗਣ ਲਈ ਆਪਣੇ ਹੱਥਾਂ ਵਿੱਚ ਕਰ ਲਿਆ। ਪਹਿਲਾਂ ਆਪ ਨੇ ਇਸ ਮੰਗ ਦਾ ਤਕੜਾ ਵਿਰੋਧ ਕੀਤਾ, ਪਰ ਪਿੱਛੋਂ ਹੋਰ ਕੋਈ ਰਾਹ ਨਾ ਸੁੱਝਦਾ ਵੇਖ ਕੇ ਕੌੜਾ ਘੁੱਟ ਭਰ ਲਿਆ। ਇਸ ਤਰ੍ਹਾਂ ਭਾਰਤ 15 ਅਗਸਤ, 1947 ਈ. ਨੂੰ ਅਜ਼ਾਦ ਹੋ ਗਿਆ।

ਪੰਜਾਬ ਤੇ ਬੰਗਾਲ ਦੀ ਵੰਡ

ਪਾਕਿਸਤਾਨ ਬਣਨ ਕਾਰਨ ਬੰਗਾਲ ਤੇ ਪੰਜਾਬ ਨੂੰ ਵੰਡਿਆ ਗਿਆ। ਧਰਮ ਦੇ ਅਧਾਰ ‘ਤੇ ਦੋਹਾਂ ਕੌਮਾਂ ਨੇ ਆਪਸ ਵਿੱਚ ਖ਼ੂਨ ਦੀ ਹੋਲੀ ਖੇਡੀ। ਇਹ ਵੇਖ ਕੇ ਆਪ ਨੂੰ ਬਹੁਤ ਦੁੱਖ ਹੋਇਆ। ਆਪ ਨੇ ਬਿਹਾਰ ਤੇ ਬੰਗਾਲ ਆਦਿ ਪ੍ਰਾਂਤਾਂ ਵਿੱਚ ਲੋਕਾਂ ਨੂੰ ਪ੍ਰੇਰਨ ਲਈ ਪਦ-ਯਾਤਰਾ ਵੀ ਕੀਤੀ ਪਰ ਕੋਈ ਪੇਸ਼ ਨਾ ਗਈ। ਇਸ ਮਾਰ-ਧਾੜ ਨੂੰ ਰੋਕਣ ਲਈ ਆਪ ਨੇ ਦਿੱਲੀ ਵਿੱਚ ਮਰਨ ਵਰਤ ਰੱਖ ਲਿਆ ਜਿਸ ਕਰਕੇ ਫ਼ਸਾਦ ਕਿਸੇ ਹੱਦ ਤਕ ਬੰਦ ਹੋ ਗਏ।

ਦਿਹਾਂਤ

ਭਾਵੇਂ ਮੁਸਲਮਾਨਾਂ ਨੇ ਆਪ ਦੀ ਗੱਲ ਨਾ ਮੰਨੀ ਤੇ ਪਾਕਿਸਤਾਨ ਬਣਵਾ ਲਿਆ, ਫਿਰ ਵੀ ਆਪ ਦੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਨਾ ਘਟਿਆ ਤੇ ਆਪ ਦੀ ਇਸ ਮੁਸਲਮਾਨ-ਪੱਖੀ ਨੀਤੀ ਤੋਂ ਤੰਗ ਆ ਕੇ 30 ਜਨਵਰੀ, 1948 ਈ. ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ, ਦਿੱਲੀ ਵਿੱਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾ। ਆਪ ਦੀ ਕਹਿਰਾਂ-ਭਰੀ ਮੌਤ ‘ਤੇ ਭਾਰਤ ਹੀ ਨਹੀਂ, ਸਗੋਂ ਸਾਰੀ ਦੁਨੀਆ ਨੇ ਸੋਗ ਮਨਾਇਆ।

ਸਾਰੰਸ਼

ਮਹਾਤਮਾ ਗਾਂਧੀ ਸੱਤਵਾਦੀ, ਆਦਰਸ਼ਵਾਦੀ ਅਤੇ ਉੱਚੀਆਂ ਅਧਿਆਤਮਕ ਕਦਰਾਂ ਵਾਲੇ ਮਹਾਨ ਪੁਰਖ ਸਨ। ਭਾਰਤ ਦੇ ਗੌਰਵ ਨੂੰ ਵਿਸ਼ਵ ਭਰ ਵਿੱਚ ਉੱਚਾ ਕਰਨ ਲਈ ਆਪ ਦੇ ਯਤਨਾਂ ਸਦਕਾ ਹੀ ਆਪ ਨੂੰ ‘ਰਾਸ਼ਟਰ-ਪਿਤਾ’ ਕਿਹਾ ਜਾਂਦਾ ਹੈ।

 

# Mahatma Gandhi essay in punjabi # lines on Mahatma Gandhi in punjabi language # history of Mahatma Gandhi in punjabi language # Punjabi Essay on Mahatma Gandhi

Essay on Bhagat Singh in Punjabi

ध्यान दें– प्रिय दर्शकों Essay on Essay on Mahatma Gandhi in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *