Essay on Kheda De Labh in Punjabi- ਖੇਡਾਂ ਦੇ ਲਾਭ ਤੇ ਲੇਖ

In this article, we are providing information about the benefits of Sports in Punjabi. Short Essay on Kheda De Labh in Punjabi Language. ਖੇਡਾਂ ਦੇ ਲਾਭ ਤੇ ਲੇਖ, Kheda De Labh Paragraph, Speech in Punjabi.

Essay on Kheda De Labh in Punjabi- ਖੇਡਾਂ ਦੇ ਲਾਭ ਤੇ ਲੇਖ

ਭੂਮਿਕਾ- ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ਼ ਰਹਿੰਦਾ ਹੈ। ਜੇਕਰ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਮਨੁੱਖ ਦੀਆਂ ਕਿਰਿਆਵਾਂ ਵੀ ਠੀਕ ਨਹੀਂ ਹੋਣਗੀਆਂ। ਜੇਕਰ ਦਿਮਾਗ਼ ਸਰੀਰ ਨੂੰ ਚਲਾਉਂਦਾ ਹੈ ਤਾਂ ਸਰੀਰ ਵੀ ਦਿਮਾਗੀ ਹਾਲਤ ਤੇ ਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਖੇਡਾਂ ਦਾ ਆਮ ਮਨੁੱਖ ਲਈ ਬਹੁਤ ਹੀ ਮਹੱਤਵ ਹੈ।

ਮਨੁੱਖੀ ਜੀਵਨ ਤੇ ਖੇਡਾਂ- ਮਨੁੱਖੀ ਜੀਵਨ ਵਿੱਚ ਖੇਡਾਂ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਖੇਡਾਂ ਦੀ ਮਨੁੱਖੀ ਸਰੀਰ ਨੂੰ ਇਸੇ ਪ੍ਰਕਾਰ ਦੀ ਜ਼ਰੂਰਤ ਹੈ ਜਿਵੇਂ ਖ਼ੁਰਾਕ, ਹਵਾ ਤੇ ਪਾਣੀ ਦੀ। ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਖ਼ੁਰਾਕ ਆਪਣਾ ਯੋਗਦਾਨ ਦਿੰਦੀ ਹੈ ਉੱਥੇ ਖੇਡਾਂ ਦਾ ਯੋਗਦਾਨ ਉਸ ਖ਼ੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਹੁੰਦਾ ਹੈ। ਇਹ ਸਾਡੀ ਸਰੀਰਕ ਤੇ ਮਾਨਸਕ ਥਕਾਵਟ ਨੂੰ ਦੂਰ ਕਰ ਦਿੰਦੀਆਂ ਹਨ। ਖੇਡਾਂ ਸਰੀਰ ਨੂੰ ਤਰੋਤਾਜ਼ਾ ਰੱਖਦੀਆਂ ਹਨ ਤੇ ਫੁਰਤੀ ਵੀ ਪ੍ਰਦਾਨ ਕਰਦੀਆਂ ਹਨ।

ਖੇਡਾਂ ਤੇ ਉੱਨਤ ਕੌਮਾਂ- ਸੰਸਾਰ ਦੀਆਂ ਉੱਨਤ ਕੌਮਾਂ ਖੇਡਾਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਇਸ ਕਰਕੇ ਹੀ ਉਨ੍ਹਾਂ ਦੀ ਵੱਧ ਤੋਂ ਵੱਧ ਕੋਸ਼ਸ਼ ਹੁੰਦੀ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਖੇਡਾਂ ਨੂੰ ਵੱਧ ਤੋਂ ਵੱਧ ਮਹੱਤਵ ਦਿੱਤਾ ਜਾਵੇ।ਉੱਨਤ ਦੇਸਾਂ ਵਿੱਚ ਖੇਡਾਂ ਦੀ ਵਿਵਸਥਾ ਸਿਰਫ਼ ਵਿਦਿਆਰਥੀਆਂ ਜਾਂ ਨੌਜਵਾਨਾਂ ਲਈ ਹੀ ਨਹੀਂ ਸਗੋਂ ਵਡੇਰੀ ਉਮਰ ਦੇ ਵਿਅਕਤੀਆਂ ਲਈ ਵੀ ਹੁੰਦੀ ਹੈ। ਅਜਿਹੇ ਦੇਸ ਖੇਡਾਂ ਦੀ ਮਹੱਤਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।

ਚੰਗੀ ਸਿਹਤ ਲਈ ਖੇਡਾਂ- ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ। ਖੇਡਣ ਨਾਲ ਸਾਡੇ ਸਰੀਰ ਦਾ ਲਹੂ-ਚੱਕਰ ਤੇਜ਼ ਹੁੰਦਾ ਹੈ। ਫੇਫੜਿਆਂ ਨੂੰ ਤਾਜ਼ੀ ਤੇ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਮਿਲਦੀ ਹੈ। ਖੇਡਣ ਵਾਲੇ ਮਨੁੱਖਾਂ ਦਾ ਸਰੀਰ ਅਰੋਗ ਤੇ ਰਿਸ਼ਟ-ਪੁਸ਼ਟ ਰਹਿੰਦਾ ਹੈ। ਉਨ੍ਹਾਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਹੁੰਦੀ ਹੈ। ਸਰੀਰਕ ਤੌਰ ‘ਤੇ ਤੰਦਰੁਸਤ ਮਨੁੱਖ ਹਮੇਸ਼ਾ ਖੁਸ਼ ਰਹਿੰਦਾ ਹੈ। ਉਹ ਪ੍ਰੇਸ਼ਾਨ ਨਹੀਂ ਦਿਖਾਈ ਦਿੰਦਾ। ਇੰਜ ਸਰੀਰਕ ਸਿਹਤ ਲਈ ਖੇਡਾਂ ਅਤਿ ਜ਼ਰੂਰੀ ਹਨ।

ਮਾਨਸਕ ਸਿਹਤ ਲਈ ਖੇਡਾਂ- ਸਰੀਰਕ ਤੌਰ ‘ਤੇ ਖੇਡਾਂ ਜਿੱਥੇ ਮਨੁੱਖ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਦਿਮਾਗੀ ਸੰਤੁਲਨ ਤੇ ਤੰਦਰੁਸਤੀ ਲਈ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਖੇਡਣ ਨਾਲ ਦਿਮਾਗ਼ ਦੀ ਚੀਜ਼ਾਂ, ਵਿਚਾਰਾਂ ਨੂੰ ਗ੍ਰਿਣ ਕਰਨ ਦੀ ਸ਼ਕਤੀ ਵਧਦੀ ਹੈ। ਦਿਮਾਗ਼ ਖੇਡਾਂ ਨਾਲ ਤਰੋਤਾਜ਼ਾ ਰਹਿੰਦਾ ਹੈ। ਖੇਡਾਂ ਤੋਂ ਬਿਨਾਂ ਸਿਰਫ਼ ਕਿਤਾਬੀ ਕੀੜੇ ਵਿਦਿਆਰਥੀ ਜੀਵਨ-ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ।

ਖੇਡਾਂ ਤੇ ਸਦਾਚਾਰ- ਸਰੀਰਕ ਅਤੇ ਮਾਨਸਕ ਤੰਦਰੁਸਤੀ ਤੋਂ ਬਿਨਾਂ ਖੇਡਾਂ ਮਨੁੱਖੀ ਸਦਾਚਾਰ ਤੇ ਆਚਰਨ ਦੀ ਉਸਾਰੀ ਵਿੱਚ ਬਹੁਤ ਯੋਗਦਾਨ ਪਾਉਂਦੀਆਂ ਹਨ।ਟੀਮ ਵਿੱਚ ਖੇਡਣ ਨਾਲ ਵਿਅਕਤੀ ਵਿੱਚ ਮਿਲ ਕੇ ਕੰਮ ਕਰਨ ਦੀ ਭਾਵਨਾ ਉਸਰਦੀ ਹੈ ਅਤੇ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਭਾਵਨਾ ਉਜਾਗਰ ਹੁੰਦੀ ਹੈ। ਕਿਸੇ ਨਾਲ ਵਧੀਕੀ ਨਾ ਕਰਨਾ, ਧੋਖਾ ਨਾ ਕਰਨਾ, ਗ਼ਲਤੀ ਨੂੰ ਮੰਨ ਲੈਣਾ, ਆਗੂ ਦਾ ਹੁਕਮ ਮੰਨਣਾ, ਅਨੁਸ਼ਾਸਨ ਵਿੱਚ ਰਹਿਣਾ ਆਦਿ ਗੁਣ ਆਚਰਨ ਵਿੱਚ ਖੇਡਾਂ ਨਾਲ ਹੀ ਪੈਦਾ ਹੁੰਦੇ ਹਨ। ਮਨੁੱਖ ਆਪਣੀ ਜਿੱਤ ਲਈ ਵੱਧ ਤੋਂ ਵੱਧ ਜ਼ੋਰ ਲਾਉਂਦਾ ਹੈ। ਇਸ ਨਾਲ ਨਾ ਹਾਰਨ ਦੀ ਭਾਵਨਾ ਦੀ ਮਨੁੱਖੀ ਆਚਰਨ ਵਿੱਚ ਉਸਾਰੀ ਹੁੰਦੀ ਹੈ।

ਮਨ ਦੀ ਇਕਾਗਰਤਾ- ਖੇਡਾਂ ਨਾਲ ਮਨੁੱਖੀ ਮਨ ਵਿੱਚ ਇਕਾਗਰਤਾ ਤੇ ਟਿਕਾਓ ਪੈਦਾ ਹੁੰਦਾ ਹੈ। ਖੇਡਾਂ ਵਿੱਚ ਰੁੱਝ ਕੇ ਮਨੁੱਖ ਦੁਨਿਆਵੀ ਝਮੇਲਿਆਂ ਨੂੰ ਭੁੱਲ ਜਾਂਦਾ ਹੈ।ਜਿਸ ਨਾਲ ਮਾਨਸਕ ਤਨਾਓ ਘੱਟ ਜਾਂਦਾ ਹੈ ਤੇ ਮਨ ਟਿਕਾਉ ਦੀ ਅਵਸਥਾ ਵਿੱਚ ਆ ਜਾਂਦਾ ਹੈ। ਇਸ ਪੱਖ ਤੋਂ ਖੇਡਾਂ ਦੀ ਬੜੀ ਮਨੋਵਿਗਿਆਨਕ ਮਹੱਤਤਾ ਹੈ।

ਮਨ ਪਰਚਾਵੇ ਦਾ ਸਾਧਨ- ਖੇਡਾਂ ਮਨ ਪਰਚਾਵੇ ਦਾ ਬਹੁਤ ਵੱਡਾ ਸਾਧਨ ਹਨ। ਇਨ੍ਹਾਂ ਨਾਲ ਮਨੁੱਖੀ ਮਨ ਖ਼ੁਸ਼ੀ ਅਨੁਭਵ ਕਰਦਾ ਹੈ। ਉਸ ਨੂੰ ਕਈ ਮੌਕਿਆਂ ‘ਤੇ ਖ਼ੁਸ਼ ਹੋਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਖੇਡਾਂ ਮਨੁੱਖੀ ਸਰੀਰ ਲਈ ਈਂਧਨ ਦਾ ਕੰਮ ਕਰਦੀਆਂ ਹਨ। ਖਿੜਿਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਮਹਿਕਾ ਦਿੰਦਾ ਹੈ।

ਆਸ਼ਾਵਾਦੀ ਹੋਣ ਲਈ ਖੇਡਾਂ- ਖੇਡਾਂ ਵਿੱਚ ਭਾਗ ਲੈਣ ਵਾਲਾ ਮਨੁੱਖ ਜੀਵਨ ਦੀ ਸਮਾਜਕ ਖੇਡ ਖੇਡਣ ਲਈ ਦਲੇਰੀ ਦਾ ਪੱਲਾ ਨਹੀਂ ਛੱਡਦਾ।ਉਹ ਜੀਵਨ ਵਿੱਚ ਹਾਰ ਕੇ ਨਿਰਾਸ਼ ਨਹੀਂ ਹੁੰਦਾ ਸਗੋਂ ਹਮੇਸ਼ਾ ਆਸ਼ਾਵਾਦੀ ਰਹਿੰਦਾ ਹੈ।

ਸਮੇਂ ਦਾ ਸਦ-ਉਪਯੋਗ ਤੇ ਖੇਡਾਂ- ਇਹ ਗੱਲ ਅਤਿ ਸਮਝਣਯੋਗ ਹੈ ਕਿ ਸਾਨੂੰ ਖੇਡਾਂ ਲਈ ਨਿਸਚਤ ਸਮਾਂ ਹੀ ਦੇਣਾ ਚਾਹੀਦਾ ਹੈ। ਖੇਡਾਂ ਨਾਲ ਬਾਕੀ ਕੰਮ ਤੇ ਪੜ੍ਹਾਈ ਆਦਿ ਨੂੰ ਵੀ ਬਰਾਬਰ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਬਾਕੀ ਜ਼ਿੰਮੇਵਾਰੀਆਂ ਵੀ ਸਫਲਤਾਪੂਰਵਕ ਨਿਭਾਈਆਂ ਜਾ ਸਕਣ। ਸਪਸ਼ਟ ਹੈ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ।

ਸਾਰੰਸ਼- ਇਸ ਤਰ੍ਹਾਂ ਸਪਸ਼ਟ ਹੈ ਕਿ ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਖੇਡਾਂ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨੁੱਖੀ ਵਿਹਾਰ ਵਿੱਚ ਅਜਿਹੇ ਗੁਣ ਪੈਦਾ ਕਰਦੀਆਂ ਹਨ ਜਿਸ ਨਾਲ ਲੋਕਾਂ ਵਿੱਚ ਆਪਸੀ ਪਿਆਰ, ਸਾਂਝ ਤੇ ਸਦਭਾਵਨਾ ਵਰਗੇ ਗੁਣ ਪ੍ਰਫੁਲਤ ਹੁੰਦੇ ਹਨ। ਇਸੇ ਕਾਰਨ ਹੀ ਸਰਕਾਰ ਨੂੰ ਵੀ ਖੇਡਾਂ ਨੂੰ ਪ੍ਰਫੁਲਤ ਕਰਨ ਦੇ ਪੂਰੇ ਯਤਨ ਕਰਨੇ ਚਾਹੀਦੇ ਹਨ। ਇਸ ਸੰਬੰਧ ਵਿੱਚ ਹੀ ਪੇਂਡੂ ਖੇਤਰਾਂ ਵਿੱਚ ਵੀ ਖੇਡਾਂ ਲਈ ਮੁਢਲਾ ਢਾਂਚਾ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ। ਇਸ ਲਈ ਖੇਡ ਮੈਦਾਨ ਬਣਾਉਣ ਤੇ ਖੇਡਾਂ ਦਾ ਸਾਮਾਨ ਖਿਡਾਰੀਆਂ ਤੱਕ ਪਹੁੰਚਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਅਜਿਹਾ ਕਰਕੇ ਹੀ ਅਸੀਂ ਚੰਗੇ ਖਿਡਾਰੀ ਤੇ ਚੰਗੇ ਨਾਗਰਿਕ ਬਣਾਉਣ ਵਿੱਚ ਸਫਲ ਹੋ ਸਕਦੇ ਹਾਂ।

Punjabi Essay list

ध्यान दें– प्रिय दर्शकों Essay on Kheda De Labh in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *