Dahej Di Samasya Punjabi Essay- ਦਾਜ ਦੀ ਸਮੱਸਿਆ ਤੇ ਲੇਖ

In this article, we are providing information about Dowry System in Punjabi. Short Dahej Di Samasya Essay in Punjabi Language. ਵਾਤਾਵਰਨ ਪ੍ਰਦੂਸ਼ਨ ਤੇ ਲੇਖ, Daj Di Samasya te lekh | Pollution Paragraph, Speech in Punjabi

Dahej Di Samasya Punjabi Essay- ਦਾਜ ਦੀ ਸਮੱਸਿਆ ਤੇ ਲੇਖ

Essay on Dowry System in Punjabi

ਭੂਮਿਕਾ- ਵਿਆਹ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਵਿਆਹ ਦਾ ਪਵਿੱਤਰ ਬੰਧਨ ਹੀ ਸੰਸਾਰ ਦੀ ਉਤਪਤੀ ਤੇ ਵਿਕਾਸ ਦਾ ਸਾਧਨ ਹੈ। ਪੁਰਾਤਨ ਸਮੇਂ ਵਿੱਚ ਜਦੋਂ ਧੀ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਉਸ ਦੇ ਮਾਪੇ ਤੇ ਰਿਸ਼ਤੇਦਾਰ ਆਪਣੀ ਇੱਛਾ ਅਨੁਸਾਰ ਹੀ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਸਾਮਾਨ ਆਦਿ ਦਿਆ ਕਰਦੇ ਸਨ। ਇਸ ਰਿਵਾਜ ਨੂੰ ਹੀ ਦਾਜ ਆਖਿਆ ਜਾਂਦਾ ਹੈ। ਪਰ ਅੱਜ ਇਹ ਦਾਜ ਸੁਗਾਤ ਨਾ ਰਹਿ ਕੇ ਇੱਕ ਸਮਾਜਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ। ਅੱਜ ਜਬਰੀ ਦਾਜ ਲੈਣ ਦਾ ਜ਼ਮਾਨਾ ਆ ਗਿਆ ਹੈ। ਵਿਆਹ ਜਿਸ ਨੂੰ ਦੋ ਪਵਿੱਤਰ ਰੂਹਾਂ ਦਾ ਮੇਲ ਆਖਿਆ ਜਾਂਦਾ ਹੈ, ਅੱਜ ਇਹੋ ਦਿਖਾਵਾ, ਅਡੰਬਰ ਅਤੇ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ।

ਦਾਜ ਕੀ ਹੈ ?– ਪਹਿਲਾਂ-ਪਹਿਲ ਰਾਜੇ-ਮਹਾਰਾਜੇ ਜਦੋਂ ਆਪਣੀਆਂ ਕੁੜੀਆਂ ਦਾ ਸਵੰਬਰ ਕਰਦੇ ਸਨ ਤਾਂ ਉਨ੍ਹਾਂ ਨੂੰ ਵਿਦਾਈ ਵੇਲੇ ਦਾਜ ਵਜੋਂ ਧਨ-ਦੌਲਤ, ਗਹਿਣੇ ਤੇ ਜ਼ਮੀਨ ਜਾਇਦਾਦਾਂ ਦਿੰਦੇ ਸਨ। ਪਰ ਪਛੜੇ ਹੋਏ ਲੋਕ ਦਾਜ ਨਹੀਂ ਦਿੰਦੇ ਸਨ। ਪਰ ਮਗਰੋਂ ਹੌਲੀ-ਹੌਲੀ ਸਮਾਜ ਵਿਚਲੇ ਸਾਰੇ ਲੋਕ ਆਪਣੀ ਹੈਸੀਅਤ ਅਨੁਸਾਰ ਖ਼ੁਸ਼ੀ-ਖੁਸ਼ੀ ਆਪਣੀਆਂ ਧੀਆਂ ਨੂੰ ਦਾਜ ਦੇਣ ਲੱਗ ਪਏ। ਪਰ ਹੁਣ ਹੌਲੀ-ਹੌਲੀ ਦਾਜ ਨੂੰ ਲਾਲਚ ਦੇ ਰੂਪ ਵਿੱਚ ਅਪਣਾਇਆ ਜਾਣ ਲੱਗ ਪਿਆ। ਵਿਆਹ ਦੀ ਮੰਡੀ ਵਿੱਚ ਮੁੰਡੇ ਦਾ ਮੁੱਲ ਪੈਣ ਲੱਗ ਪਿਆ। ਹੁਣ ਤਾਂ ਦਾਜ ਨੇ ਇੱਕ ਭਿਅੰਕਰ ਤੇ ਲਾ-ਇਲਾਜ ਰੂਪ ਧਾਰਨ ਕਰ ਲਿਆ ਹੈ। ਇਸ ਲਾਲਚ ਵੱਸ ਹੀ ਜਦੋਂ ਵਿਆਹ ਅਣਜੋੜ ਹੋਣ ਲੱਗੇ ਤਾਂ ਇਸ ਦਾ ਸਿੱਟਾ ਤਲਾਕਾਂ ਜਾਂ ਲੜਾਈ ਝਗੜੇ ਦਾ ਰੂਪ ਲੈ ਗਿਆ। ਅਖ਼ਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਹਨ ਕਿ ਘੱਟ ਦਾਜ ਲਿਆਉਣ ਵਾਲੀਆਂ ਨੂੰਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਘੋਰ ਤਸੀਹੇ ਦਿੱਤੇ ਗਏ, ਕਈਆਂ ਨੂੰ ਜਾਨੋਂ ਮਾਰ ਦਿੱਤਾ ਗਿਆ ਤੇ ਕਈਆਂ ਨੇ ਸਹੁਰਿਆਂ ਹੱਥੋਂ ਸਤ ਕੇ ਆਤਮ-ਹੱਤਿਆ ਕਰ ਲਈ।ਜੇ ਇਸ ਲਾਹਨਤ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਸਾਡੇ ਸਮਾਜ ਦਾ ਭਵਿੱਖ ਬੜਾ ਧੁੰਦਲਾ ਹੋ ਜਾਵੇਗਾ।

ਦਾਜ ਦਾ ਨਵਾਂ ਰੂਪ- ਅੱਜ ਦਾਜ ਦਾ ਅਰਥ ਕੁਝ ਭਾਂਡੇ, ਗਹਿਣੇ ਤੇ ਕੱਪੜਿਆਂ ਤੱਕ ਹੀ ਸੀਮਤ ਨਹੀਂ ਸਗੋਂ ਇਸ ਨੇ ਲੱਖਾਂ ਰੁਪਏ ਨਕਦ, ਸਕੂਟਰ, ਕਾਰ, ਘਰ ਦਾ ਸਾਰਾ ਫਰਨੀਚਰ, ਗਹਿਣੇ, ਮਹਿੰਗੇ ਕੱਪੜੇ ਤੇ ਕੋਠੀ ਆਦਿ ਦਾ ਰੂਪ ਧਾਰ ਲਿਆ ਹੈ। ਅੱਜ ਮੁੰਡੇ ਵਾਲਿਆਂ ਨੇ ਇੰਨੇ ਮੂੰਹ ਅੱਡੇ ਹੋਏ ਹਨ ਕਿ ਉਹ ਆਪਣੇ ਨਿਕੰਮੇ ਮੁੰਡੇ ਲਈ ਵੀ ਲੱਖਾਂ ਰੁਪਏ ਦੀ ਮੰਗ ਕਰਦੇ ਹਨ। ਅੱਜ ਬਹੁਤੇ ਮੁੰਡੇ ਵਾਲੇ ਲਗਪਗ ਸ਼ਰੇਆਮ ਹੀ ਮੁੰਡੇ ਦਾ ਮੁੱਲ ਲਾਉਂਦੇ ਹਨ।

ਇੱਜ਼ਤ ਦਾ ਸਵਾਲ- ਹੁਣ ਦਾਜ ਲੈਣ ਤੇ ਦਾਜ ਦੇਣ ਨੂੰ ਨੱਕ ਰੱਖਣ ਨਾਲ ਜੋੜਿਆ ਜਾਂਦਾ ਹੈ। ਅਮੀਰ ਮਾਪੇ ਤਾਂ ਦਾਜ ਰਾਹੀਂ ਅਮੀਰੀ ਦਾ ਦਿਖਾਵਾ ਕਰਦੇ ਹਨ ਪਰ ਗ਼ਰੀਬ ਬਹੁਤਾ ਦਾਜ ਦੇਣ ਦੇ ਕਾਬਲ ਨਹੀਂ ਹੁੰਦੇ।ਉਹ ਸਮਾਜ ਵਿੱਚ ਨੱਕ ਰੱਖਣ ਲਈ ਕਰਜ਼ੇ ਲੈਂਦੇ ਹਨ, ਆਪਣੀ ਜ਼ਮੀਨ ਜਾਇਦਾਦ ਗਿਰਵੀ ਰੱਖਦੇ ਹਨ। ਉਹ ਸਾਰੀ ਉਮਰ ਕਰਜ਼ੇ ਦੇ ਬੋਝ ਥੱਲੇ ਹੀ ਦੱਬੇ ਰਹਿ ਜਾਂਦੇ ਹਨ। ਇੰਜ ਬਹੁਤੇ ਲੋਕ ਔਖੇ ਹੋ ਕੇ ਹੀ ਧੀਆਂ ਦੇ ਹੱਥ ਪੀਲੇ ਕਰਦੇ ਹਨ। ਇਸ ਇੱਜ਼ਤ ਦੇ ਸਵਾਲ ਨੇ ਅਣਗਿਣਤ ਮਾਪਿਆਂ ਨੂੰ ਬਿਲਕੁਲ ਹਾਸ਼ੀਏ ‘ਤੇ ਭੇਜ ਦਿੱਤਾ ਹੈ।

ਲਾਲਚੀ ਸਹੁਰੇ- ਕਈ ਮੁੰਡੇ ਵਾਲਿਆਂ ਦੀ ਦਾਜ ਦੀ ਭੁੱਖ ਤਾਂ ਕਦੇ ਸ਼ਾਂਤ ਹੀ ਨਹੀਂ ਹੁੰਦੀ। ਉਹ ਸਾਰੀ ਉਮਰ ਕੁੜੀ ਨੂੰ ਤੰਗ ਕਰਦੇ ਰਹਿੰਦੇ ਹਨ ਤੇ ਵਿਚਾਰੇ ਮਾਪੇ ਸਮਾਜ ਤੋਂ ਡਰਦੇ ਮੁੰਡੇ ਵਾਲਿਆਂ ਦਾ ਮੂੰਹ ਬੰਦ ਕਰਦੇ ਰਹਿੰਦੇ ਹਨ ਤੇ ਆਪਣੀ ਹਾਲਤ ਮਾੜੀ ਕਰ ਲੈਂਦੇ ਹਨ। ਅੱਜ ਤਾਂ ਇਹ ਸਮੱਸਿਆ ਭਿਆਨਕ ਕਿਸਮ ਦਾ ਲਾਇਲਾਜ ਕੋਹੜ ਬਣ ਕੇ ਫੈਲ ਰਹੀ ਹੈ। ਇਹ ਪ੍ਰਥਾ ਇੱਕ ਨਾਸੂਰ ਬਣ ਗਈ ਹੈ। ਦਾਜ ਦੀ ਬਲੀ ‘ਤੇ ਅਨੇਕਾਂ ਧੀਆਂ ਭੇਟ ਹੋ ਜਾਂਦੀਆਂ ਹਨ। ਕਈ ਭੁੱਖੇ ਲੋਕ ਆਪਣੀਆਂ ਨੂੰਹਾਂ ਨੂੰ ਹੋਰ ਦਾਜ ਲਿਆਉਣ ਲਈ ਬੋਲ-ਕੁਬੋਲ ਬੋਲਦੇ ਹਨ। ਉਸ ਦੇ ਮਾਪਿਆਂ ਤੇ ਭੈਣ-ਭਰਾਵਾਂ ਦੀ ਬੇਇੱਜ਼ਤੀ ਕਰਦੇ ਹਨ। ਇਸ ਲਾਹਨਤ ਨੂੰ ਹੋਰ ਫੈਲਦੀ ਹੋਈ ਵੇਖ ਕੇ ਅੱਜ ਕਈ ਕੁੜੀਆਂ ਵਿਆਹ ਕਰਾਉਣ ਲਈ ਤਿਆਰ ਹੀ ਨਹੀਂ ਹੁੰਦੀਆਂ। ਉਹ ਭੁੱਖੇ ਲਾਲਚੀ ਭੇੜੀਆਂ ਨੂੰ ਦਰੋਂ ਮੱਥਾ ਟੇਕਦੀਆਂ ਹਨ। ਕੋਈ ਕੁੜੀ ਭਾਵੇਂ ਕਿੰਨੀ ਸੁਸ਼ੀਲ, ਗੁਣਵਾਨ ਤੇ ਖ਼ੂਬਸੂਰਤ ਹੋਵੇ, ਬਿਨਾਂ ਦਾਜ ਉਸ ਦਾ ਮਾਣ-ਸਤਿਕਾਰ ਨਹੀਂ ਕੀਤਾ ਜਾਂਦਾ। ਇਸ ਬੁਰੀ ਪ੍ਰਥਾ ਦੇ ਕਾਰਨ ਹੀ ਤਾਂ ਕਈ ਘਰਾਂ ਵਿੱਚ ਕੁੜੀ ਜੰਮਣ ‘ਤੇ ਸੋਗ ਮਨਾਇਆ ਜਾਂਦਾ ਹੈ ਤੇ ਵਾਤਾਵਰਨ ਤਣਾਓ ਭਰਿਆ ਹੋ ਜਾਂਦਾ ਹੈ। ਜਿਸ ਨੂੰਹ ਦੇ ਕੁੜੀਆਂ ਪੈਦਾ ਹੋਣ ਉਸ ਦੀ ਘਰ ਵਿੱਚ ਜ਼ਰਾ ਕਦਰ ਨਹੀਂ ਪੈਂਦੀ।

ਸਰਮਾਏਦਾਰਾਂ ਦੀ ਦੇਣ- ਦਾਜ ਪ੍ਰਥਾ ਸਰਮਾਏਦਾਰੀ ਨਿਜ਼ਾਮ ਦੀ ਪੈਦਾਵਾਰ ਹੈ। ਸਮਾਜ ਦੇ ਰਿਵਾਜ ਵੀ ਪੈਸੇ ਦੇ ਅਧੀਨ ਹੀ | ਪਨਪੇ ਹਨ। ਅਮੀਰਾਂ ਦੇ ਵਿਖਾਵੇ ਨੇ ਇਸ ਪ੍ਰਥਾ ਦਾ ਵਿਸਥਾਰ ਕੀਤਾ ਹੈ।ਉਹ ਬਲੈਕ ਦਾ ਪੈਸਾ ਇਕੱਠਾ ਕਰ ਕੇ ਵਧੇਰੇ ਦਾਜ ਦੇ ਦਿੰਦੇ ਹਨ। ਇਸ ਨੂੰ ਉਹ ਆਪਣੀ ਸੋਭਾ ਸਮਝਦੇ ਹਨ।

ਇਸ ਕੁਰੀਤੀ ਦਾ ਖ਼ਾਤਮਾ- ਸਾਨੂੰ ਇਸ ਦਾਜ-ਰੂਪੀ ਕੋਹੜ ਦੀਆਂ ਜੜਾਂ ਵੱਢ ਦੇਣੀਆਂ ਚਾਹੀਦੀਆਂ ਹਨ। ਭਾਵੇਂ ਸਾਡੀ ਸਰਕਾਰ ਨੇ ਇਸ ਸਮਾਜਕ ਬੁਰਾਈ ਨੂੰ ਦੂਰ ਕਰਨ ਲਈ ਕਈ ਕਾਨੂੰਨ ਬਣਾਏ ਹਨ ਤੇ ਮੀਡੀਆ ਰਾਹੀਂ ਪ੍ਰਚਾਰ ਵੀ ਕੀਤਾ ਜਾਂਦਾ ਹੈ। ਕਿ ਦਾਜ ਲੈਣਾ ਤੇ ਦੇਣਾ ਦੋਵੇਂ ਕਾਨੂੰਨੀ ਜੁਰਮ ਹਨ। ਪਰ ਨਿਰੇ ਕਾਨੂੰਨ ਦੀ ਸਹਾਇਤਾ ਨਾਲ ਇਸ ਲਾਹਨਤ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਦਾਜ ਪ੍ਰਥਾ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਮੁੰਡੇ-ਕੁੜੀਆਂ ਨੂੰ ਆਪ ਅੱਗੇ ਆਉਣਾ ਪਏਗਾ। ਸਾਰੇ ਸਮਾਜ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਦਾਜ ਦੇ ਲਾਲਚੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਪਵੇਗੀ ਤੇ ਜੋ ਦਾਜ ਮੰਗਣ, ਉਨ੍ਹਾਂ ਦੇ ਮੁੰਡੇ ਨਾਲ ਕੋਈ ਵੀ ਕੁੜੀ ਵਿਆਹ ਕਰਵਾਉਣ ਲਈ ਰਾਜ਼ੀ ਨਾ ਹੋਵੇ ।ਦਾਜ ਦੇ ਲਾਲਚੀ ਮੁੰਡੇ ਇਹ ਸਤਰਾਂ ਚੰਗੀ ਤਰ੍ਹਾਂ ਪੜ੍ਹ ਲੈਣ :

ਜੇ ਮੁੰਡਿਆ ਤੂੰ ਵਿਆਹ ਕਰਵਾਉਣਾ, ਦਾਜ ਨੂੰ ਕਰਦੇ ਬੰਦ ਮੁੰਡਿਆ
ਨਹੀਂ ਤਾਂ ਰਹਿ ਜਾਏਂਗਾ ਛੜਾ-ਮਲੰਗ ਮੁੰਡਿਆ।

ਸਾਰੰਸ਼- ਇਸ ਤਰ੍ਹਾਂ ਦਾਜ ਦੀ ਪਵਿੱਤਰ ਰਸਮ ਅੱਜ ਇੱਕ ਕਲੰਕ ਦਾ ਰੂਪ ਧਾਰਨ ਕਰ ਚੁੱਕੀ ਹੈ। ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਕੱਠੇ ਹੋ ਕੇ ਹਮਲਾ ਮਾਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਦਾਜ ਦੇ ਸੰਬੰਧ ਵਿੱਚ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

Punjabi Essay list

ध्यान दें– प्रिय दर्शकों Dahej Di Samasya Essay in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *